
- ਕਿਹਾ – ਪਹਿਲੀ ਮਹਿਲਾ ਪ੍ਰਧਾਨ ਬਣਨ ‘ਤੇ ਮਹਿਸੂਸ ਹੋ ਰਿਹਾ ਹੈ ਮਾਣ, ਸਮੂਹ ਸਹਿਯੋਗੀਆਂ ਦਾ ਕੀਤਾ ਧੰਨਵਾਦ
ਫਗਵਾੜਾ 11 ਸਤੰਬਰ (ਆਸ਼ੀਸ਼ ਸ਼ਰਮਾ) ਫਗਵਾੜਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਾਲ 2026-27 ਲਈ ਅੱਜ ਹੋਈ ਚੋਣ ਦੇ ਨਤੀਜਿਆਂ ਅਨੁਸਾਰ ਐਡਵੋਕੇਟ ਹਰਪ੍ਰੀਤ ਕੌਰ ਨੂੰ ਬਾਰ ਪ੍ਰਧਾਨ ਚੁਣ ਲਿਆ ਗਿਆ ਹੈ। ਉਹਨਾਂ ਨੇ ਆਪਣੇ ਨੇੜਲੇ ਕੈਂਡੀਡੇਟ ਐਡਵੋਕੇਟ ਸੰਜੀਵ ਅਗਨੀਹੋਤਰੀ ਨੂੰ 26 ਵੋਟਾਂ ਦੇ ਨਾਲ ਸ਼ਿਕਸਤ ਦਿੱਤੀ ਹੈ।

ਦੇਰ ਸ਼ਾਮ ਚੋਣ ਕਮੇਟੀ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਐਡਵੋਕੇਟ ਸੰਜੀਵ ਅਗਨੀਹੋਤਰੀ ਨੂੰ 71 ਦੇ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਐਡਵੋਕੇਟ ਹਰਪ੍ਰੀਤ ਕੌਰ ਨੂੰ 97 ਵੋਟਾਂ ਪ੍ਰਾਪਤ ਹੋਈਆਂ। ਆਪਣੀ ਜਿੱਤ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਹਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਬਾਰ ਪ੍ਰਧਾਨ ਦੀ ਚੋਣ ਲੜੀ ਹੈ ਅਤੇ ਬੜੇ ਮਾਣ ਦੀ ਗੱਲ ਇਹ ਹੈ ਕਿ ਫਗਵਾੜਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਪਹਿਲੀ ਵਾਰ ਇੱਕ ਮਹਿਲਾ ਦੇ ਹੱਥ ਵਿੱਚ ਆਈ ਹੈ। ਜੋ ਕਿ ਆਪਣੇ ਆਪ ਵਿੱਚ ਇਕ ਇਤਿਹਾਸ ਹੈ।

ਚੋਣ ਕਮੇਟੀ ਵਲੋਂ ਜਾਰੀ ਲਿਸਟ ਮੁਤਾਬਕ ਵਾਈਸ ਪ੍ਰਧਾਨ ਦੀ ਚੋਣ ਵਿੱਚ ਐਡਵੋਕੇਟ ਗੁਰਦੀਪ ਸੰਗਰ ਨੇ ਐਡਵੋਕੇਟ ਅਸ਼ੀਸ਼ ਕੁਮਾਰ ਨੂੰ 64 ਦੇ ਮੁਕਾਬਲੇ 105 ਵੋਟਾਂ ਨਾਲ ਹਰਾਇਆ। ਮਹਿਲਾਵਾਂ ਲਈ ਰਾਖਵੀਂ ਵਾਈਸ ਪ੍ਰਧਾਨ ਦੀ ਚੋਣ ਵਿੱਚ ਐਡਵੋਕੇਟ ਪ੍ਰੀਤ ਮੱਟੂ ਨੇ ਐਡਵੋਕੇਟ ਧਨਦੀਪ ਕੌਰ ਨੂੰ 82 ਦੇ ਮੁਕਾਬਲੇ 87 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਐਡਵੋਕੇਟ ਰੀਨਾ ਰਾਣੀ ਬਰਾੜ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਜਿਹਨਾਂ ਨੇ ਐਡਵੋਕੇਟ ਪ੍ਰਭਜੋਤ ਸਿੰਘ ਨੂੰ 80 ਦੇ ਮੁਕਾਬਲੇ 89 ਵੋਟਾਂ ਦੇ ਨਾਲ ਮਾਤ ਦਿੱਤੀ। ਫਾਈਨਾਂਸ ਸਕੱਤਰ ਲਈ ਹੋਈ ਚੋਣ ਵਿੱਚ ਐਡਵੋਕੇਟ ਸਨੀ ਦੇਵ ਨੂੰ ਜੇਤੂ ਕਰਾਰ ਦਿੱਤਾ ਗਿਆ।

ਜਿਹਨਾਂ ਨੇ ਐਡਵੋਕੇਟ ਨਿਤਿਸ਼ ਭਾਰਦਵਾਜ ਨੂੰ 66 ਦੇ ਮੁਕਾਬਲੇ 103 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਸਭ ਤੋਂ ਦਿਲਚਸਪ ਮੁਕਾਬਲਾ ਮਹਿਲਾ ਰਿਜਰਵ ਜੁਆਇੰਟ ਸਕੱਤਰ ਦੀ ਸੀਟ ਦਾ ਰਿਹਾ। ਜਿਸ ਵਿੱਚ ਜਿੱਤ ਤੇ ਹਾਰ ਦਾ ਫਰਕ ਸਿਰਫ 1 ਵੋਟ ਦਾ ਰਿਹਾ। ਇਸ ਮੁਕਾਬਲੇ ਵਿੱਚ ਐਡਵੋਕੇਟ ਰੇਨੂੰ ਕੁਮਾਰੀ ਨੇ ਐਡਵੋਕੇਟ ਨਵਨੀਤ ਕੌਰ ਨੂੰ ਮਿਲੇ 84 ਦੇ ਮੁਕਾਬਲੇ 85 ਵੋਟ ਹਾਸਲ ਕੀਤੇ। ਸਮੂਹ ਜੇਤੂ ਉੱਮੀਦਵਾਰਾਂ ਨੇ ਵਕੀਲ ਭਾਈਚਾਰੇ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਬਾਰ ਦੀ ਬਿਹਤਰੀ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰਨਗੇ। ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਕੌਰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਹੈ।
